Search Previous Posts

Monday, May 13, 2019

Punjabi Poem ਬਾਬਾ ਬੰਦਾ ਸਿੰਘ ਬਹਾਦਰ ਅਤੇ ਸਰਹੰਦ ਫਤਹਿ ਦਿਵਸ | Baba Banda Singh Bahadur | Sarhind Fateh Diwas by Hari Singh Jachak | Jachak Poetry



ਪੰਜ ਤੀਰ ਤੇ ਬਖਸ਼ ਨਿਸ਼ਾਨ ਸਾਹਿਬ, ਦਸਮੇਸ਼ ਭੇਜਿਆ ਬੰਦਾ ਪੰਜਾਬ ਏਧਰ
ਦੁਸ਼ਟਾਂ ਦੋਖੀਆਂ ਤਾਈਂ ਓਸ ਸੋਧ ਕੇ ਤੇ, ਕਰ ਦਿੱਤਾ ਬਰਾਬਰ ਹਿਸਾਬ ਏਧਰ
ਗ਼ਿਣ-ਗ਼ਿਣ ਕੇ ਓਨ੍ਹਾਂ ਤੋਂ ਲਏ ਬਦਲੇ, ਮਿੱਧੇ ਜਿਨ੍ਹਾਂ ਨੇ ਫੁੱਲ ਗ਼ੁਲਾਬ ਏਧਰ
ਮੁਗ਼ਲ ਰਾਜ ਦੀਆਂ ਜੜ੍ਹਾਂ ਨੂੰ ਪੁੱਟ ਕੇ ਤੇ, ਲੈ ਆਇਆ ਉਹ ਸਿੱਖੀ ਇਨਕਲਾਬ ਏਧਰ
                ਭੁੱਖਾ ਸ਼ੇਰ ਜਿਉਂ ਨਿਕਲਦੈ ਗ਼ੁਫ਼ਾ ਵਿੱਚੋਂ, ਬੰਦਾ ਨਿਕਲਿਆ ਇੰਝ ਮੈਦਾਨ ਅੰਦਰ
                ਇੰਝ ਗ਼ਰਜਿਆ ਦੁਸ਼ਮਣ ਦੀ ਫੌਜ ਉੱਤੇ, ਬੱਦਲ ਗ਼ਰਜਦੇ ਜਿਵੇਂ ਅਸਮਾਨ ਅੰਦਰ
                ਜਾਨਾਂ ਆਪਣੀਆਂ ਤਲੀਤੇ ਰੱਖ ਕੇ ਤੇ, ਸਿੰਘ ਜੂਝੇ ਸਨ ਓਹਦੀ ਕਮਾਨ ਅੰਦਰ
                ਪਈਆਂ ਭਾਜੜਾਂ ਵੈਰੀ ਦੇ ਪੈਰ ਹਿੱਲੇ, ਚੱਪੜਚਿੜੀ ਦੇ ਯੁੱਧ ਘਮਸਾਨ ਅੰਦਰ
ਗ਼ਰਮ ਰਹੀ ਸੀ ਤਿੰਨ ਦਿਨ ਰਣਭੂਮੀ, ਥਾਂ-ਥਾਂ ਗ਼ੋਲੀਆਂ ਦੀ ਵਰਖਾ ਹੋਣ ਲੱਗ਼ੀ
ਨਦੀਆਂ ਖੂਨ ਦੀਆਂ ਵਗ਼ੀਆਂ ਸੀ ਹਰ ਪਾਸੇ, ਹਰ ਇਕ ਤਨਚੋਂ ਰੱਤ ਸੀ ਚੋਣ ਲੱਗ਼ੀ
ਸਿੱਖ ਫੌਜ ਅੱਜ ਮੁਗ਼ਲਾਂ ਦੇ ਲਾਹ ਆਹੂ, ਅਗ਼ਲੇ ਪਿਛਲੇ ਸਭ ਧੋਣੇ ਸੀ ਧੋਣ ਲੱਗ਼ੀ
ਥਾਂ-ਥਾਂ ਲਾਸ਼ਾਂ ਦੇ ਢੇਰਾਂ ਨੂੰ ਤੱਕ ਕੇ ਤੇ, ਸੱਚਮੁੱਚ ਹੋਣੀ ਵੀ ਓਦੋਂ ਸੀ ਰੋਣ ਲੱਗ਼ੀ
                ਬੰਦੇ ਆਖਿਆ ਉਏ ਵਜ਼ੀਰ ਖਾਨਾ, ਮਾਰ ਰਿਹਾ ਨਹੀਂ ਬੇ-ਵਜਾ ਤੈਨੂੰ
                ਨੰਨ੍ਹੇ-ਮੁੰਨੇ ਜਦ ਬੱਚੇ ਸ਼ਹੀਦ ਕੀਤੇ, ਭੁੱਲ ਗ਼ਈ ਸੀ ਰੱਬੀ ਰਜਾ ਤੈਨੂੰ
                ਇੱਟ ਨਾਲ ਮੈਂ ਇੱਟ ਖੜਕਾ ਕੇ ਤੇੇ, ਦਿੱਤਾ ਫੌਜਾਂ ਸਮੇਤ ਭਜਾ ਤੈਨੂੰ
                ਇਕੋ ਵਾਰ ਨਾਲ ਧੜ ਤੋਂ ਸਿਰ ਲਾਹ ਕੇ, ਕੀਤੇ ਪਾਪਾਂ ਦੀ ਦੇ ਰਿਹਾਂ ਸਜਾ ਤੈਨੂੰ
ਸਾਹਵੇਂ ਤੱਕ ਕੇ ਦੁੱਖ ਮਸੀਬਤਾਂ ਨੂੰ, ਦਿਲ ਕਦੇ ਨਾ ਛੱਡਿਆ ਖਾਲਸੇ ਨੇ
ਏਹਦੇ ਵੱਲ ਜਿਸ ਵੇਖਿਆ ਅੱਖ ਕੈਰੀ, ਫ਼ਸਤਾ ਓਸੇ ਦਾ ਵੱਢਿਆ ਖਾਲਸੇ ਨੇ
ਏਹਦੇ ਰਾਹ ਕੰਡੇ ਸੀ ਜੇਸ ਬੀਜੇ, ਕੰਡਾ ਓਸੇ ਦਾ ਕੱਢਿਆ ਖਾਲਸੇ ਨੇ
ਜਾਚਕਅੱਜ ਸਰਹੰਦ ਦੀ ਹਿੱਕ ਉੱਤੇ, ਝੰਡਾ ਕੇਸਰੀ ਗ਼ੱਡਿਆ ਖਾਲਸੇ ਨੇ  

Punjabi Poem | Kavita | Poetry about Life History of Baba Banda Singh Bahadur written by Best Punjabi Poet in Ludhiana Dr. Hari Singh Jachak (Gold Medalist). 

No comments:

Post a Comment