Search Previous Posts

Monday, May 13, 2019

Punjabi Poem | Kavita | Sheedi Sri Guru Arjan Dev Ji | Great Sikh Martyr | by Best Punjabi Gursikh Poet | Hari Singh Jachak | Jachak Poetry



ਸ਼ਹੀਦੀ ਸ੍ਰੀ ਗ਼ੁਰੂ ਅਰਜਨ ਦੇਵ ਜੀ
ਬੂਟਾ ਸਿੱਖੀ ਦਾ ਲਾਇਆ ਜੋ ਗ਼ੁਰੂ ਨਾਨਕ, ਸੋਹਣੇ ਫੁੱਲ ਸੀ ਓਸ ਤੇ ਆਉਣ ਲੱਗ਼ੇ
ਪੰਚਮ ਪਾਤਸ਼ਾਹ ਏਸਦੀ ਮਹਿਕ ਤਾਈਂ, ਸਾਰੇ ਜਗ਼ਤ ਦੇ ਵਿਚ ਫੈਲਾਉਣ ਲੱਗ਼ੇ
ਆਦਿ ਬੀੜ ਦੇ ਤਾਈਂ ਤਿਆਰ ਕਰ ਕੇ, ਜੀਵਨ ਜੀਉਣ ਦੀ ਜੁਗ਼ਤ ਸਿਖਾਉਣ ਲੱਗ਼ੇ
ਅੰਮ੍ਰਿਤਸਰ ਦੇ ਦਰਸ਼ਨ ਇਸ਼ਨਾਨ ਖਾਤਰ, ਕੋਨੇ ਕੋਨੇ ਤੋਂ ਸਿੱਖ ਸਨ ਆਉਣ ਲੱਗ਼ੇ
                ਉਧਰ ਸਿੱਖੀ ਦੀ ਲਹਿਰ ਦੇ ਖ਼ਾਤਮੇ ਲਈ, ਦੋਖੀ ਸੋਚਾਂ ਦੇ ਘੋੜੇ ਦੁੜਾਉਣ ਲੱਗ਼ੇ
                ਲਾਉਣ ਲਈ ਗ਼੍ਰਹਿਣ ਇਸ ਚੰਨ ਤਾਈਂ, ਘਟੀਆ ਢੰਗ਼ ਤਰੀਕੇ ਅਪਨਾਉਣ ਲੱਗ਼ੇ
                ਤਰ੍ਹਾਂ ਤਰ੍ਹਾਂ ਦੇ ਝੂਠੇ ਇਲਜ਼ਾਮ ਲਾ ਕੇ, ਜਹਾਂਗ਼ੀਰ ਦੇ ਤਾਂਈਂ ਭੜਕਾਉਣ ਲੱਗ਼ੇ
                ਬਾਗ਼ੀ ਖੁਸਰੋ ਦੀ ਮਦਦ ਦਾ ਦੋਸ਼ ਲਾ ਕੇ, ਬਲਦੀ ਅੱਗ਼ ਉਤੇ ਤੇਲ ਪਾਉਣ ਲੱਗ਼ੇ
ਜਹਾਂਗ਼ੀਰ ਨੇ ਆਖ਼ਿਰ ਇਹ ਹੁਕਮ ਕੀਤਾ, ਬੰਦ ਝੂਠ ਦੀ ਇਹ ਦੁਕਾਨ ਹੋਵੇ
ਅਰਜਨ ਦੇਵ ਨੂੰ ਦੇਈਏ ਸਜਾ ਐਸੀ, ਚਰਚਾ ਜੇਸ ਦੀ ਵਿੱਚ ਜਹਾਨ ਹੋਵੇ
ਡਿੱਗ਼ੇ ਲਹੂਦੀ ਬੂੰਦ ਨਾ ਧਰਤ ਉਤੇ, ਜਦੋਂ ਤੱਕ ਸਰੀਰ ਵਿੱਚ ਜਾਨ ਹੋਵੇ
ਆਖ਼ਰ ਦੇਣਾ ਦਰਿਆ ਵਿਚ ਰੋਹੜ ਇਹਨੂੰ, ਚੁੱਪ ਸਦਾ ਲਈ ਇਹ ਜ਼ਬਾਨ ਹੋਵੇ
                ਜੇਠ ਹਾੜ੍ਹ ਦੀ ਕੜਕਦੀ ਧੁੱਪ ਅੰਦਰ, ਪੈਰ ਧਰਤੀ ਤੇ ਧਰਿਆ ਨਾ ਜਾ ਰਿਹਾ ਸੀ
                ਸੜਦੀ ਤਪਦੀ ਜਮੀਨ ਦੀ ਹਿੱਕ ਵਿੱਚੋਂ, ਲਾਵਾ ਫੁੱਟ ਕੇ ਬਾਹਰ ਨੂੰ ਰਿਹਾ ਸੀ
                ਲਾਲੋ ਲਾਲ ਸੂਰਜ ਆਪਣੇ ਜੋਸ਼ ਅੰਦਰ, ਉਤੋਂ ਅੱਗ਼ ਦੇ ਗ਼ੋਲੇ ਵਰਸਾ ਰਿਹਾ ਸੀ
                ਪੰਚਮ ਪਾਤਸ਼ਾਹ ਇਹੋ ਜਹੇ ਸਮੇਂ ਅੰਦਰ, ਤੱਤੀ ਤਵੀ ਤੇ ਚੌਕੜਾ ਲਾ ਰਿਹਾ ਸੀ
ਲਾਲ ਤਵੀ ਵੱਲ ਵੇਖ ਕੇ ਕਹਿਣ ਲੱਗ਼ੇ, ਇਹਨੇ ਸਿੱਖੀ ਦੀਆਂ ਸ਼ਾਨਾਂ ਨੂੰ ਜਨਮ ਦੇਣੇ
ਤੱਤੀ ਰੇਤਾ ਜੋ ਸੀਸ ਵਿਚ ਪੈ ਰਹੀ , ਇਹਨੇ ਅਣਖੀ ਜੁਆਨਾਂ ਨੂੰ ਜਨਮ ਦੇਣੇ
ਉਬਲ ਰਿਹਾ ਜੋ ਪਾਣੀ ਇਹ ਦੇਗ਼ ਅੰਦਰ, ਇਹਨੇ ਲੱਖਾਂ ਤੂਫਾਨਾਂ ਨੂੰ ਜਨਮ ਦੇਣੇ
ਮੇਰੇ ਜਿਸਮ ਤੇ ਪਏ ਹੋਏ ਛਾਲਿਆਂ ਨੇ, ਮੀਰੀ ਪੀਰੀ ਕਿਰਪਾਨਾਂ ਨੂੰ ਜਨਮ ਦੇਣੇ
                ਕਸ਼ਟ ਸਹਿ ਕੇ ਕੋਮਲ ਸਰੀਰ ੳੱੁਤੇ, ਭਾਣਾ ਮਿੱਠਾ ਕਰ ਮੰਨਿਆ ਗ਼ੁਰੂ ਅਰਜਨ
                ਸੀਸ ਵਿੱਚ ਪੁਆ ਕੇ ਰੇਤ ਤੱਤੀ, ਸਿਰ ਜ਼ੁਲਮ ਦਾ ਭੰਨਿਆ ਗ਼ੁਰੂ ਅਰਜਨ
                ਹੋਏ ਓਸਚੋਂ ਲੱਖਾਂ ਸ਼ਹੀਦ ਪੈਦਾ, ਮੁੱਢ ਜੇਸਦਾ ਬੰਨ੍ਹਿਆ ਗ਼ੁਰੂ ਅਰਜਨ
                ਕੁੱਲ ਸ਼ਹੀਦਾਂ ਦਾ ਤਾਹੀਉਂ ਸਿਰਤਾਜ ਲਿਖਿਐ, ਤਵਾਰੀਖ ਦੇ ਪੰਨਿਆਂ ਗ਼ੁਰੂ ਅਰਜਨ
ਕਿਵੇਂ ਸਬਰ ਨੇ ਜਬਰ ਨੂੰ ਮਾਤ ਦਿੱਤੀ, ਦੁਨੀਆਂ ਤਾਈਂ ਮੈਂਜਾਚਕਦਿਖਲਾ ਚੱਲਿਆਂ
ਜੁਲਮ ਸਹਿ ਕੇ ਪਿੰਡੇ ਤੇ ਖਿੜੇ ਮੱਥੇ, ਛਾਪ ਸੱਚ ਦੀ ਦਿਲਾਂ ਤੇ ਲਾ ਚੱਲਿਆਂ
ਮੇਰੇ ਸਿੱਖ ਨਾ ਸਿਦਕ ਤੋਂ ਡੋਲ ਜਾਵਣ, ਏਸੇ ਲਈ ਮੈਂ ਪੂਰਨੇ ਪਾ ਚੱਲਿਆਂ
ਸਿਹਰਾ ਬੰਨ੍ਹ ਸ਼ਹੀਦੀ ਦਾ ਸਿਰ ਉਤੇ, ਜੂਝ ਮਾਰਨ ਦਾ ਵੱਲ ਸਿਖਾ ਚੱਲਿਆਂ  

No comments:

Post a Comment