Search Previous Posts

Monday, March 11, 2019

Poem|Poetry|Kavita| ਪੰਜਾਬੀ ਸਿੱਖ ਕਵਿਤਾ - ਗੁਰੂ ਹਰਰਾਇ ਸਾਹਿਬ ਜੀ | Guru Har Rai Sahib ji | ਜਾਚਕ

Sr. No. 14 : by . -

ਕੀਰਤਪੁਰ ਦੀ ਧਰਤੀ ਨੂੰ ਭਾਗ਼ ਲੱਗ਼ੇ, ਹਰਿਰਾਇ ਦਾ ਹੋਇਆ ਪ੍ਰਕਾਸ਼ ਹੈਸੀ।
ਨੂਰੀ ਮੁਖੜਾ ਤੱਕ ਕੇ ਸੰਗ਼ਤਾਂ ਨੂੰ, ਧੁਰ ਅੰਦਰੋਂ ਚੜ੍ਹਿਆ ਹੁਲਾਸ ਹੈਸੀ।
ਖੁਸ਼ੀਆਂ ਖੇੜੇ ਲੈ ਏਥੋਂ ਸੀ ਵਿਦਾ ਹੋਇਆ, ਜਿਹੜਾ ਜਿਹੜਾ ਵੀ ਆਇਆ ਉਦਾਸ ਹੈਸੀ।
ਸ਼ਸਤਰ-ਵਿਦਿਆ ਨਾਲ ਹੀ ਬਾਲਕੇ ਨੇ, ਘੋੜ-ਸਵਾਰੀ ਦਾ ਕੀਤਾ ਅਭਿਆਸ ਹੈਸੀ।
ਕਲੀਆਂਦਾਰ ਚੋਲਾ ਇਕ ਦਿਨ ਪਹਿਨ ਕੇ ਤੇ, ਟਹਿਲ ਰਹੇ ਹਰਿਰਾਇ ਸੀ ਬਾਗ਼ ਅੰਦਰ।
ਫੁੱਲ ਟਹਿਣੀਓਂ ਟੁੱਟੇ ਜਦ ਨਾਲ ਅੜ ਕੇ, ਕੋਮਲ ਹਿਰਦਾ ਸੀ ਆਇਆ ਵੈਰਾਗ਼ ਅੰਦਰ।
ਕਿਹਾ ਗ਼ੁਰਾਂ ਜਦ, ਦਾਮਨ ਸੰਕੋਚ ਚੱਲੋ, ਲੱਗ਼ ਗ਼ਈ ਸੀ ਓਨ੍ਹਾਂ ਦੇ ਜਾਗ਼ ਅੰਦਰ।
ਸਾਰੀ ਉਮਰ ਜੋ ਰੋਸ਼ਨੀ ਰਿਹਾ ਵੰਡਦਾ, ਜਗ਼ਮਗ਼ ਜਗ਼ ਪਿਆ ਕੋਈ ਚਿਰਾਗ਼ ਅੰਦਰ।
14 ਸਾਲ ਦੀ ਉਮਰ ਸੀ ਜਦੋਂ ਹੋਈ, ਛੇਵੇਂ ਪਾਤਸ਼ਾਹ ਹੱਥੀਂ ਗ਼ੁਰਿਆਈ ਬਖਸ਼ੀ।
ਯੋਗ਼ ਜਾਣ ਕੇ ਆਪਣੇ ਪੋਤਰੇ ਨੂੰ, ਸਭ ਤੋਂ ਵੱਡੀ ਸੀ ਗ਼ੁਰਾਂ ਵਡਿਆਈ ਬਖਸ਼ੀ।
ਦੂਰ ਕਰਨ ਲਈ ਝੂਠ ਦੀ ਧੁੰਧ ਤਾਂਈਂ, ਨਾਨਕ ਜੋਤ ਦੀ ਪਾਵਨ ਰੁਸ਼ਨਾਈ ਬਖਸ਼ੀ।
ਆਪਣੇ ਸਮੇਂ ’ਚ ਗ਼ੁਰਾਂ ਨੇ ਹਰ ਪੱਖੋਂ, ਸਿੱਖ ਕੌਮ ਨੂੰ ਸੋਹਣੀ ਅਗ਼ਵਾਈ ਬਖਸ਼ੀ।
ਕੋਮਲ ਹਿਰਦਾ ਸੀ ਜਿਨ੍ਹਾਂ ਦਾ ਵਾਂਗ਼ ਫੁੱਲਾਂ, ਵੰਡੀ ਵਿੱਚ ਸੰਸਾਰ ਸੁਗ਼ੰਧ ਓਨ੍ਹਾਂ।
ਰੱਬੀ ਪ੍ਰੇਮ ਦੀ ਤਾਰ ਨਾਲ ਬੰਨ੍ਹ ਸਭ ਨੂੰ, ਜੋੜ ਦਿੱਤੇ ਸੀ ਟੁੱਟੇ ਸਬੰਧ ਓਨ੍ਹਾਂ।
ਕਾਲ ਪਿਆ ਜਦ ਪੂਰੇ ਪੰਜਾਬ ਅੰਦਰ, ਲੇਖੇ ਲਾਇਆ ਸੀ ਸਾਰਾ ਦਸਵੰਧ ਓਨ੍ਹਾਂ।
ਲੋੜਵੰਦਾਂ ਦੀ ਲੋੜ ਨੂੰ ਮੁੱਖ ਰੱਖਕੇ, ਲੰਗ਼ਰ ਬਸਤਰ ਦਾ ਕੀਤਾ ਪ੍ਰਬੰਧ ਓਨ੍ਹਾਂ।
ਦੂਰ ਦੂਰ ਤੱਕ ਸਿੱਖੀ ਪ੍ਰਚਾਰ ਕਰਕੇ, ਖਲਕਤ, ਸੁੱਤੀ ਜਗ਼ਾਈ ਸੀ ਪਾਤਸ਼ਾਹ ਨੇ।
ਰੱਖੇ ਬਾਈ ਸੌ ਘੋੜ ਸਵਾਰ ਭਾਵੇਂ, ਨਾ ਕੋਈ ਕੀਤੀ ਲੜਾਈ ਸੀ ਪਾਤਸ਼ਾਹ ਨੇ।
ਥਾਂ ਥਾਂ ਖੋਲ੍ਹ ਗ਼ਰੀਬਾਂ ਲਈ ਦਵਾਖਾਨੇ, ਸੁਖੀ ਕੀਤੀ ਲੋਕਾਈ ਸੀ ਪਾਤਸ਼ਾਹ ਨੇ।
ਰਾਜੀ ਜੀਹਦੇ ਨਾਲ ਦਾਰਾ ਸ਼ਿਕੋਹ ਹੋਇਆ, ਏਥੋਂ ਭੇਜੀ ਦਵਾਈ ਸੀ ਪਾਤਸ਼ਾਹ ਨੇ।
ਸੱਦਾ ਆਇਆ ਔਰੰਗ਼ੇ ਦਾ ਗ਼ੁਰਾਂ ਤਾਂਈਂ, ਰਾਮਰਾਇ ਨੂੰ ਕੀਤਾ ਤਿਆਰ ਓਨ੍ਹਾਂ।
ਸਿੱਖੀ ਉਤੇ ਆਂਚ ਨਹੀਂ ਆਉਣ ਦੇਣੀ, ਕਿਹਾ ਓਸ ਨੂੰ ਨਾਲ ਪਿਆਰ ਓਨ੍ਹਾਂ।
ਓਹਨੇ ਜਦੋਂ ਗ਼ੁਰਬਾਣੀ ਦੀ ਤੁੱਕ ਬਦਲੀ, ਸਦਾ-ਸਦਾ ਲਈ ਦਿੱਤਾ ਦੁਰਕਾਰ ਓਨ੍ਹਾਂ।
ਕਰਕੇ ਸਦਾ ਦੇ ਲਈ ਬੇਦਖ਼ਲ ‘ਜਾਚਕ’, ਮੱਥੇ ਲਾਉਣ ਤੋਂ ਕੀਤਾ ਇਨਕਾਰ ਓਨ੍ਹਾਂ। 


Punjabi Sikh Kavita | Poem on Guru Har Rai ji | Sikh Guru Poetry | Jachak Poetry | 

1 comment:

  1. ਬਹੁਤ ਵਧੀਆ
    ਗੁਰੂ ਮੇਹਰ ਕਰੇ

    ReplyDelete