Search Previous Posts

Friday, January 3, 2020

Punjabi Kavita Guru Nanak Dev ji | ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ | Hari Singh Jachak - Jachak Poetry


ਰਾਇ ਭੋਇ ਤਲਵੰਡੀ ਪ੍ਰਕਾਸ਼ ਹੋਇਆ, ਜਗ਼ਮਗ਼ ਜੋਤ ਸੀ ਜੱਗ਼ ਵਿੱਚ ਆਈ ਤੇਰੀ।
ਚਾਨਣ ਚਾਨਣ ਸੀ ਹੋ ਗ਼ਿਆ ਚੌਂਹ ਪਾਸੀਂ, ਤਿੰਨਾਂ ਲੋਕਾਂ ’ਚ ਫੈਲੀ ਰੁਸ਼ਨਾਈ ਤੇਰੀ।
ਅੱਜ ਵੀ ਸਾਨੂੰ ਅਚੰਭੇ ਦੇ ਵਿੱਚ ਪਾਉਂਦੀ, ਵੇਂਈਂ ਨਦੀ ’ਚ ਚੱੁਭੀ ਲਗ਼ਾਈ ਤੇਰੀ।
ਤਿੰਨ ਦਿਨ ਜਲ ਸਮਾਧੀ ਦੇ ਵਿੱਚ ਰਹਿਕੇ, ਬਿਰਤੀ ਨਾਲ ਅਕਾਲ ਦੇ ਲਾਈ ਤੇਰੀ।
ਨਾ ਕੋ ਹਿੰਦੂ ਨਾ ਮੁਸਲਮਾਨ ਕਹਿ ਕੇ, ਸ਼ੁਭ ਅਮਲਾਂ ਤੇ ਗ਼ੱਲ ਮੁਕਾਈ ਤੇਰੀ।
ਪਰਗ਼ਟ ਹੋਏ ਜਦ ਵੇੇਂਈ ’ਚੋਂ, ਕਿਹਾ ਸਭ ਨੇ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।
     
ਹੁਕਮ ਮੰਨ ਕੇ ਪੁਰਖ ਅਕਾਲ ਜੀ ਦਾ, ਚਰਨ ਧਰਤੀ ’ਤੇ ਪਾਏ ਸਨ ਆਪ ਸਤਿਗ਼ੁਰ।
ਰੋਂਦੇ ਹੋਏ ਨੇ ਸਾਰੇ ਹੀ ਜਨਮ ਲੈਂਦੇ, ਹੱਸਦੇ ਹੱਸਦੇ ਪਰ ਆਏ ਸਨ ਆਪ ਸਤਿਗ਼ੁਰ।
ਚਾਨਣ ਗ਼ਿਆਨ ਦਾ ਧੁਰੋਂ ਲਿਆ ਕੇ ਤੇ, ਨ੍ਹੇਰੇ ਰਾਹ ਰੁਸ਼ਨਾਏ ਸਨ ਆਪ ਸਤਿਗ਼ੁਰ।
ਮਹਿਤਾ ਕਾਲੂ ਘਰ ਨੂਰੀ ਫੁਹਾਰ ਹੋਈ, ਮਾਤਾ ਤ੍ਰਿਪਤਾ ਦੇ ਜਾਏ ਸਨ ਆਪ ਸਤਿਗ਼ੁਰ।
ਭੈਣ ਨਾਨਕੀ ਰੱਬ ਦਾ ਰੂਪ ਤੱਕ ਕੇ, ਮੂਰਤ ਮਨ ਦੇ ਵਿੱਚ ਵਸਾਈ ਤੇਰੀ।
ਰਾਇ ਬੁਲਾਰ ਵੀ ਕਹਿਣੋਂ ਨਹੀਂ ਰਹਿ ਸਕਿਆ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਮਲਕ ਭਾਗ਼ੋ ਦੀ ਝੁਕ ਗ਼ਈ ਨਜ਼ਰ ਸੀ ਜਦ, ਖੂਨ ਪੂੜਿਆਂ ’ਚੋਂ ਲਾਲੋ ਲਾਲ ਤੱਕਿਆ।
ਸੱਜਣ ਠੱਗ਼ ਨੂੰ ਠੱਗ਼ੀਆਂ ਭੁੱਲ ਗ਼ਈਆਂ, ਨੂਰੀ ਚਿਹਰੇ ’ਤੇ ਜਦੋਂ ਜਲਾਲ ਤੱਕਿਆ।
ਵਲ ਵਲੀ ਕੰਧਾਰੀ ਦੇ ਸਭ ਨਿਕਲੇ, ਪੰਜੇ ਅੱਗ਼ੇ ਜਦ ਪੱਥਰ ਨਿਢਾਲ ਤੱਕਿਆ।
ਰਾਖਸ਼ ਬੁੱਧੀ ਸੀ ਕੌਡੇ ਦੀ ਹਵਾ ਹੋਈ, ਜਦੋਂ ਸਾਹਮਣੇ ਸਾਹਿਬੇ ਕਮਾਲ ਤੱਕਿਆ।
ਜਾਦੂਗ਼ਰਨੀ ਦਾ ਜਾਦੂ ਸੀ ਹਰਨ ਹੋਇਆ, ਜਾਹਰੀ ਕਲਾ ਜਦ ਵੇਖੀ ਵਰਤਾਈ ਤੇਰੀ।
ਢਹਿ ਕੇ ਚਰਨਾਂ ਤੇ ਮੁੱਖ ’ਚੋਂ ਕਹਿ ਰਹੀ ਸੀ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਕੀਤਾ ਦਿਲੋ ਦਿਮਾਗ਼ ਸੀ ਜਿਨ੍ਹਾਂ ਰੋਸ਼ਨ, ਐਸੇ ਚਾਨਣ ਮੁਨਾਰੇ ਸਨ ਗ਼ੁਰੂ ਨਾਨਕ।
ਰੱਬੀ ਮਿਹਰਾਂ ਦਾ ਮੀਂਹ ਵਰਸਾ ਕੇ ਤੇੇ, ਤਪਦੇ ਕਾਲਜੇ ਠਾਰੇ ਸਨ ਗ਼ੁਰੂ ਨਾਨਕ।
ਡਿੱਗ਼ੇ ਢੱਠਿਆਂ ਬੇਸਹਾਰਿਆਂ ਦੇ, ਇਕੋ ਇਕ ਸਹਾਰੇ ਸਨ ਗ਼ੁਰੂ ਨਾਨਕ।
ਵਾਂਗ਼ ਤਾਰਿਆਂ ਗ਼ਿਣੇ ਨਹੀਂ ਜਾ ਸਕਦੇ, ਜਿੰਨੇ ਡੱੁਬਦੇ ਤਾਰੇ ਸਨ ਗ਼ੁਰੂ ਨਾਨਕ।
ਤੇਰੇ ਕੀਤੇ ਉਪਕਾਰਾਂ ਨੂੰ ਯਾਦ ਕਰ ਕਰ, ਰਿਣੀ ਰਹੂਗ਼ੀ ਸਦਾ ਲੋਕਾਈ ਤੇਰੀ।
ਰਹਿੰਦੀ ਦੁਨੀਆਂ ਤੱਕ ਲੋਕਾਂ ਨੇ ਏਹੋ ਕਹਿਣੈ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਠੰਡ ਪਾਉਣ ਲਈ ਤਪਦਿਆਂ ਹਿਰਦਿਆਂ ’ਚ, ਨਾਨਕ ਰੂਪ ਦੇ ਵਿੱਚ ਨਿਰੰਕਾਰ ਆਇਆ।
ਮੰਝਧਾਰ ਅੰਦਰ ਗ਼ੋਤੇ ਖਾਂਦਿਆਂ ਨੂੰ, ਤਾਰਨ ਲਈ ਹੈਸੀ ਤਾਰਨਹਾਰ ਆਇਆ।
ਧੁਰ ਦਰਗ਼ਾਹ ’ਚੋਂ ਬਖਸ਼ਿਸ਼ਾਂ ਲੈ ਕੇ ਤੇ, ਦਾਤਾਂ ਵੰਡਣ ਲਈ ਆਪ ਦਾਤਾਰ ਆਇਆ।
ਪੰਡਤ, ਮੁੱਲਾਂ ਤੇ ਪਾਂਧੇ ਸਭ ਕਹਿਣ ਲੱਗ਼ੇ, ਕਲਯੁੱਗ਼ ਵਿੱਚ ਹੈ ਨਾਨਕ ਅਵਤਾਰ ਆਇਆ।
ਓਸ ਤਾਂਈ ਅਗ਼ੰਮੀ ਸੁਆਦ ਆਇਆ, ਧੁਰ ਕੀ ਬਾਣੀ ਜਿਸ ਵਜਦ ਵਿੱਚ ਗ਼ਾਈ ਤੇਰੀ।
ਅੱਜ ਵੀ ਕੁੱਲ ਜਮਾਨਾ ਹੈ ਯਾਦ ਕਰਦਾ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਦੁਨੀਆਂ ਵਿੱਚ ਨਿਰੰਕਾਰ ਸਨ ਹੋਏ ਪ੍ਰਗ਼ਟ, ਗ਼ੁਰੂ ਨਾਨਕ ਦੇ ਪਾਵਨ ਸਰੂਪ ਅੰਦਰ।
ਦੀਨਾਂ ਦੁਖੀਆਂ ਦਾ ਦਰਦ ਵੰਡਾਉਣ ਖਾਤਰ, ਆਪ ਆਏ ਇਸ ਰੂਪ ਅਨੂਪ ਅੰਦਰ।
ਬਾਂਹ ਪਕੜ ਕੇ ਬਾਹਰ ਸੀ ਕੱਢ ਦਿੱਤੇ, ਗ਼ੋਤੇ ਖਾਣ ਵਾਲੇ ਅੰਧ ਕੂਪ ਅੰਦਰ।
ਦਸ ਜਾਮੇ ਪਰ ਦਸਾਂ ਵਿਚ ਜੋਤ ਇਕੋ, ਗ਼ੁਰੂ ਨਾਨਕ ਤੋਂ ਗ਼ੋਬਿੰਦ ਦੇ ਰੂਪ ਅੰਦਰ।
ਪਾਈ ਧੁਰ ਦਰਗ਼ਾਹੋਂ ਜੋ ਪਾਤਸ਼ਾਹਾ, ਅੱਜ ਵੀ ਚੱਲ ਰਹੀ ਪਾਵਨ ਗ਼ੁਰਿਆਈ ਤੇਰੀ।
ਪ੍ਰਕਾਸ਼ ਪੁਰਬ ਮਨਾਉਂਦੇ ਹੋਏ ਕਹਿ ਰਹੇ ਹਾਂ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਦੁਨੀਆਂ ਤਾਰਨ ਲਈ ਦੁਨੀਆਂ ਦੇ ਵਿੱਚ ਆਏ, ਲੈ ਕੇ ਹੁਕਮ ਦਰਗ਼ਾਹੀ ਸਨ ਗ਼ੁਰੂ ਨਾਨਕ।
ਪਹੰੁਚ ਹੈਸੀ ਵਿਗ਼ਿਆਨਕ ਤੇ ਤਰਕਵਾਦੀ, ਦੇਂਦੇ ਠੋਸ ਗ਼ਵਾਹੀ ਸਨ ਗ਼ੁਰੂ ਨਾਨਕ।
ਨਵੀਆਂ ਲੀਹਾਂ ਇਤਿਹਾਸ ’ਚ ਪਾਉਣ ਵਾਲੇ, ਨਵੇਂ ਰਾਹਾਂ ਦੇ ਰਾਹੀ ਸਨ ਗ਼ੁਰੂ ਨਾਨਕ।
ਬਾਬਰ ਵਰਗ਼ਿਆਂ ਨੂੰ ਜਾਬਰ ਕਹਿਣ ਵਾਲੇ, ਸਚਮੁੱਚ ਸੰਤ ਸਿਪਾਹੀ ਸਨ ਗ਼ੁਰੂ ਨਾਨਕ।
ਚੜ੍ਹਦੀ ਕਲਾ ਆਉਂਦੀ ਬਾਬਾ ਯਾਦ ਕਰਕੇ, ਬਾਬਰ ਤਾਂਈਂ ਇਹ ਜੁਰਅਤ ਵਿਖਾਈ ਤੇਰੀ।
ਚੜ੍ਹਦੀ ਕਲਾ ਨਾਲ ਬੋਲੇ ਗ਼ੁਰ ਖਾਲਸਾ ਜੀ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ।

ਖੁਲ੍ਹ ਜਾਣਾਂ ਏ ਲਾਂਘਾ ਕਰਤਾਰਪੁਰ ਦਾ, ਪੂਰੀ ਤਰ੍ਹਾਂ ਇਹ ਬੱਝ ਗ਼ਈ ਆਸ ਹੁਣ ਤਾਂ।
ਰੱਖੇ ਦੋਹਾਂ ਸਰਕਾਰਾਂ ਨੇ ਨੀਂਹ ਪੱਥਰ, ਕਾਰਜ ਸਾਰੇ ਹੀ ਹੋ ਰਹੇ ਰਾਸ ਹੁਣ ਤਾਂ।
ਜੰਗ਼ੀ ਪੱਧਰ ਤੇ ਚੱਲ ਰਿਹਾ ਕੰਮ ਸੋਹਣਾ, ਸਾਡੇ ਲਈ ਇਹ ਖ਼ਬਰ ਹੈ ਖਾਸ ਹੁਣ ਤਾਂ।
ਲੰਮੇ ਸਮੇਂ ਤੋਂ ਅਸੀਂ ਜੋ ਕਰ ਰਹੇ ਸਾਂ, ਸੁਣੀ ਗ਼ਈ ਓਹ ਸਾਡੀ ਅਰਦਾਸ ਹੁਣ ਤਾਂ।
ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਉੱਤੇ, ਹਰ ਇਕ ਕਵੀ ਨੇ ਕਵਿਤਾ ਬਣਾਈ ਤੇਰੀ।
ਕਲਮ ‘ਜਾਚਕ’ ਦੀ ਉਸਤਤ ਦੇ ਵਿੱਚ ਲਿਖਦੀ, ਨਾਨਕ ਪਾਤਸ਼ਾਹ ਧੰਨ ਕਮਾਈ ਤੇਰੀ। 



Punjabi Sikh Poetry | Poem written by Dr Hari Singh Jachak, Best Punjabi Sikh Poet (Ludhiana) | Secretary at Guru Gobind Singh Study Circle, Ludhiana | Chairman, Paramdeep Singh Deep Welfare Society. Sikh scholar, preacher, Punjabi Sikh Poet, Author, Punjabi Writer, and public speaker. He Has written poems on every Social, Economic, Historical & Sikh Issues.

For all the latest updates, please visit the following page: facebook.com/jachakpoetry http://www.drharisinghjachak.com/ ~~~~~~~~

Follow Dr Hari Singh Jachak on his Social Media Channels with search of Dr Hari Singh Jachak | Jachak Poetry. He is a Sikh scholar, preacher, Punjabi Sikh Poet, Author, Punjabi Writer, and public speaker.

Facebook Information Updates: https://www.facebook.com/jachakpoetry

#JachakPoetry #HariSinghJachak #PunjabiSikhPoemKavita #BestPunjabiPoetry

No comments:

Post a Comment