ਕਦੇ ਲੋਧੀ ਤੇ ਕਦੇ ਮਹਿਮੂਦ ਗ਼ਜਨੀ, ਸਾਡੀ ਆ ਆ ਕੇ, ਫੱਟੀ ਪੋਚਦੇ ਰਹੇ।
ਅੱਖਾਂ ਸਾਹਮਣੇ ਲੁੱਟ ਕੇ ਲੈ ਜਾਂਦੇ, ਅਸੀਂ ਦੇਖਦੇ ਰਹੇ, ਅਸੀਂ ਸੋਚਦੇ ਰਹੇ।
ਕਦੇ ਬਾਬਰ ਤੇ ਕਦੇ ਤੈਮੂਰ ਆ ਕੇ, ਚਿੱੜੀ ਸੋਨੇ ਦੀ ਹੱਥਾਂ ’ਚ ਬੋਚਦੇ ਰਹੇ।
ਜ਼ਾਲਿਮ ਬੜੀ ਬੇਕਦਰੀ ਨਾਲ ਮਾਸ ਇਹਦਾ, ਖੂਨੀ ਨਹੁੰਦਰਾਂ ਨਾਲ ਸੀ ਨੋਚਦੇ ਰਹੇ।
ਚੌਹਾਂ ਵਰਨਾਂ ’ਚ ਸੀ ਸਮਾਜ ਵੰਡਿਆ, ਉਤੋਂ ਸਿਖਰਾਂ ’ਤੇ ਜਾਤ ਅਭਿਮਾਨ ਹੈਸੀ।
ਮਾਨਵ ਆਤਮਾ ਦੇ ਖੰਭ ਨੂੜ ਕੇ ਤੇ, ਵੱਖੋ ਵੱਖਰੇ ਕੀਤੇ ਇਨਸਾਨ ਹੈਸੀ।
’ਕੱਲੇ ਲੋਕ ਹੀ ਆਪੋ ਵਿੱਚ ਨਹੀਂ ਵੰਡੇ, ਨਾਲ ਵੰਡਿਆ ਹੋਇਆ ਭਗ਼ਵਾਨ ਹੈਸੀ।
ਸਿੱਧਾਂ ਜੋਗ਼ੀਆਂ ਚੁੱਪ ਸੀ ਧਾਰ ਰੱਖੀ, ਭਾਵੇਂ ਜਲ ਰਿਹਾ ਹਿੰਦੁਸਤਾਨ ਹੈਸੀ।
ਓਧਰ ਔਰਤ ਦੀ ਹਾਲਤ ਸੀ ਬਹੁਤ ਪਤਲੀ, ਮਾਰ ਮਾਰ ਕੇ ਕਰ ਸੀ ਸੁੰਨ ਦੇਂਦੇ।
ਚਾਰ ਦੀਵਾਰੀ ’ਚ ਓਸਨੂੰ ਕੈਦ ਕਰਕੇ, ਵਾਂਗ਼ ਆਟੇ ਦੇ ਸਦਾ ਲਈ ਗ਼ੁੰਨ੍ਹ ਦੇਂਦੇ।
ਕਿਸੇ ਔਰਤ ਦਾ ਪਤੀ ਜੇ ਮਰ ਜਾਂਦਾ, ਸਿਰ ਓਸਦਾ ਕੈਂਚੀ ਨਾਲ ਮੁੰਨ ਦੇਂਦੇ।
ਜਾਂ ਫਿਰ ਪਤੀ ਨਾਲ ਚਿੱਖਾ ਦੇ ਵਿੱਚ ਸੁੱਟਕੇ, ਜਿਉਂਦੀ ਦਾਣਿਆਂ ਵਾਂਗ਼ ਸੀ ਭੁੰਨ ਦਿੰਦੇ।
ਗ਼ੁਰੂ ਨਾਨਕ ਦੇ ਆਗ਼ਮਨ ਨਾਲ ਏਥੇ, ਉੱਚੇ ਸੁੱਚੇ ਕਿਰਦਾਰਾਂ ਨੂੰ ਬਲ ਮਿਲਿਆ।
ਵਹਿਮਾਂ ਭਰਮਾਂ ਪਖੰਡਾਂ ਦੀ ਜਾਨ ਨਿਕਲੀ, ਕ੍ਰਾਂਤੀਕਾਰੀ ਵਿਚਾਰਾਂ ਨੂੰ ਬਲ ਮਿਲਿਆ।
ਜਿਨ੍ਹਾਂ ਸਿਰਾਂ ’ਤੇ ਮੌਤ ਮੰਡਰਾ ਰਹੀ ਸੀ, ਉਨ੍ਹਾਂ ਚਿੜੀਆਂ ਦੀਆਂ ਡਾਰਾਂ ਨੂੰ ਬਲ ਮਿਲਿਆ।
ਸੁੱਕੇ ਸੜੇ ਮੁਰਝਾਏ ਹੋਏ ਫੁੱਲ ਖਿੜ ਪਏ, ਪਤਝੜ ਵਿੱਚ ਬਹਾਰਾਂ ਨੂੰ ਬਲ ਮਿਲਿਆ।
ਦਿਬੱ-ਦ੍ਰਿਸ਼ਟੀ ਨਾਲ ਮਾਰੀ ਜਦ ਨਿਗ਼੍ਹਾ ਬਾਬੇ, ਜਨਤਾ ਜ਼ੁਲਮ ਦੇ ਨਾਲ ਸਤਾਈ ਤੱਕੀ।
ਧਰਮ ਅਤੇ ਸਮਾਜ ਦੇ ਆਗ਼ੂਆਂ ਵਿੱਚ, ਛਲ, ਕਪਟ, ਪਾਖੰਡ, ਬੁਰਿਆਈ ਤੱਕੀ।
ਕੂੜ, ਪਾਪ, ਅਧਰਮ ਤੋਂ ਡਰ ਕੇ ਤੇ, ਫਿਰਦੀ ਲੁੱਕਦੀ ਉਨ੍ਹਾਂ ਸਚਿਆਈ ਤੱਕੀ।
ਜਕੜੀ ਹੋਈ ਗ਼ੁਲਾਮੀ ਦੇ ਸੰਗ਼ਲਾਂ ’ਚ, ਚੀਕਾਂ ਮਾਰਦੀ ਸਗ਼ਲੀ ਲੋਕਾਈ ਤੱਕੀ।
ਧਾਵਾ ਬੋਲਿਆ ਬਾਬਰ ਨੇ ਦੇਸ਼ ਉੱਤੇ, ਫੌਜੀ ਓਸਦੇ ਕਹਿਰ ਕਮਾ ਰਹੇ ਸੀ।
ਆ ਕੇ ਮੁਗ਼ਲ ਕਸਾਈਆਂ ਦੇ ਵਾਂਗ਼ ਏਥੇ, ਸੱਭ ਨੂੰ ਬੱਕਰਿਆਂ ਵਾਂਗ਼ ਝਟਕਾ ਰਹੇ ਸੀ।
ਬਾਬਾ ਨਾਨਕ ਮਰਦਾਨੇ ਦੇ ਨਾਲ ਓਦੋਂ, ਵਿੱਚ ਜੇਲ੍ਹ ਦੇ ਚੱਕੀ ਚਲਾ ਰਹੇ ਸੀ।
ਬੋਲ ਬਾਬੇ ਦੇ ਜ਼ੁਲਮ ਦੇ ਭਾਂਬੜਾਂ ਨੂੰ, ਧੁਰ ਕੀ ਬਾਣੀ ਦੇ ਨਾਲ ਬੁਝਾ ਰਹੇ ਸੀ।
ਓਹਦੇ ਮੂੰਹ ’ਤੇੇ ਬਾਬਰ ਨੂੰ ਆਖ ਜਾਬਰ, ਖ਼ਰੀਆਂ ਖ਼ਰੀਆਂ ਸੁਣਾਈਆਂ ਸੀ ਪਾਤਸ਼ਾਹ ਨੇ।
ਓਹਦੀ ਫੌਜ ਨੂੰ ‘ਪਾਪ ਦੀ ਜੰਝ’ ਕਹਿਕੇ, ਖ਼ੂਬ ਧੱਜੀਆਂ ਉਡਾਈਆਂ ਸੀ ਪਾਤਸ਼ਾਹ ਨੇ।
ਨਾਹਰਾ ਹੱਕ ਇਨਸਾਫ ਦਾ ਲਾ ਕੇ ਤੇ, ਕੰਧਾਂ ਕੂੜ ਦੀਆਂ ਢਾਈਆਂ ਸੀ ਪਾਤਸ਼ਾਹ ਨੇ।
ਸਹਿਮੀ ਸਿਸਕਦੀ ਸਦੀਆਂ ਦੀ ਜ਼ਿੰਦਗ਼ੀ ਨੂੰ, ਜੀਵਨ ਜਾਚਾਂ ਸਿਖਾਈਆਂ ਸੀ ਪਾਤਸ਼ਾਹ ਨੇ।
ਚਾਰ ਉਦਾਸੀਆਂ ’ਚ ਚੌਹਾਂ ਦਿਸ਼ਾਂ ਅੰਦਰ, ਪੈਦਲ ਸਫਰ ਸੀ ਦੇਸ਼ ਵਿਦੇਸ਼ ਕੀਤਾ।
ਨਵੇਂ ਢੰਗ਼ ਪ੍ਰਚਾਰ ਦੇ ਵਰਤ ‘ਜਾਚਕ’, ਆਪਣੇ ਨਜ਼ਰੀਏ ਨੂੰ ਉਨ੍ਹਾਂ ਪੇਸ਼ ਕੀਤਾ।
ਜਾਤ ਪਾਤ ਉੱਤੇ, ਛੂਤ ਛਾਤ ਉੱਤੇ, ਗ਼ੁਰੂ ਸਾਹਿਬ ਨੇ ਹਮਲਾ ਵਿਸ਼ੇਸ਼ ਕੀਤਾ।
ਬੋਲ ਬਾਬੇ ਦੇ ਮਿੱਠੇ ਸੀ ਸ਼ਹਿਦ ਵਰਗ਼ੇ, ਜਿੰਨ੍ਹਾਂ ਰਾਹੀਂ ਸੀ ਰੱਬੀ ਉਪਦੇਸ਼ ਕੀਤਾ।
No comments:
Post a Comment