Search Previous Posts

Wednesday, February 12, 2020

Kavita ਜਗਤ ਜੇਤੂ, ਸੁਧਾਰਕ ਤੇ ਜਗਤ ਤਾਰਕ Guru Nanak Dev ji | Dr Hari Singh Jachak | Punjabi Sikh Poetry

Written by Dr Hari Singh Jachak (Gold Medalist) - M. 9988321246



ਕੂੜ ਮੱਸਿਆ ਦੀ ਕਾਲੀ ਰਾਤ ਕਾਰਣ, ਛਾਇਆ ਨ੍ਹੇਰ ਸੀ ਸਾਰੇ ਜਹਾਨ ਅੰਦਰ।
ਲੋਭੀ ਲਾਲਚੀ ਧਰਮ ਦੇ ਆਗੂਆਂ ਨੇ, ਵੰਡੀ ਪਾਈ ਇਨਸਾਨ ਇਨਸਾਨ ਅੰਦਰ।
ਕਰਮ ਕਾਂਡ ਨੂੰ ਹੀ ਧਰਮ ਸਮਝ ਕੇ ਤੇ, ਭਟਕ ਰਹੇ ਸਨ ਲੋਕ ਅਗਿਆਨ ਅੰਦਰ।
ਇਜ਼ਤ ਗਜ਼ਨੀ ਚ ਰਹੀ ਨਿਲਾਮ ਹੁੰਦੀ, ਸੁੱਤੀ ਰਹੀ ਤਲਵਾਰ ਮਿਆਨ ਅੰਦਰ।

ਕੁੰਭਕਰਨ ਦੀ ਨੀਂਦ ਸਨ ਸਭ ਸੁੱਤੇ, ਉਧਰ ਦੇਸ਼ ਦਾ ਸਤਿਆਨਾਸ ਹੋਇਆ।
ਖਾਂਦੀ ਵਾੜ ਹੀ ਖੇਤ ਨੂੰ ਤੱਕ ਕੇ ਤੇ, ਹੁਕਮ ਵਾਹਿਗੁਰੂ ਵਲੋਂ ਇਹ ਖਾਸ ਹੋਇਆ।
ਮਾਤਾ ਤ੍ਰਿਪਤਾ ਦੀ ਗੋਦ ਨੂੰ ਭਾਗ ਲੱਗੇ, ਨਾਨਕ ਨੂਰ ਦਾ ਤਦੋਂ ਪ੍ਰਕਾਸ਼ ਹੋਇਆ।
ਹਿਰਦੇ ਤਪਦੇ ਇਕਦੱਮ ਸ਼ਾਂਤ ਹੋ ਗਏ, ਬਿਹਬਲ ਦਿਲਾਂ ਨੂੰ ਬੜਾ ਧਰਵਾਸ ਹੋਇਆ।

ਭੈਣ ਨਾਨਕੀ, ਨਾਨਕ ਨੂੰ ਤੱਕ ਅੰਦਰੋਂ, ਕਹਿੰਦੀ ਕਲਯੁਗ ਚ ਵੀਰ ਅਵਤਾਰ ਆਇਆ।
ਨੂਰੀ ਮੁੱਖ ਤੇ ਛਾਂ ਦੀ ਆੜ ਹੇਠਾਂ, ਫਨੀਅਰ ਸੱਪ ਵੀ ਕਰਨ ਦੀਦਾਰ ਆਇਆ।
ਵੀਹ ਰੁਪਈਆਂ ਦਾ ਭੋਜਨ ਛਕਾਉਣ ਵਾਲਾ, ਭੁੱਖੇ ਭਾਣਿਆਂ ਦਾ ਮੱਦਦਗਾਰ ਆਇਆ।
ਤੇਰਾਂ ਤੇਰਾਂ ਹੀ ਮੁੱਖੋਂ ਉਚਾਰ ਕੇ ਤੇ, ਉਹ ਤਾਂ ਤੇਰਾਸੀ ਕਰਨ ਪ੍ਰਚਾਰ ਆਇਆ।

ਲਾ ਕੇ ਜਲ ਸਮਾਧੀ ਫਿਰ ਵਿੱਚ ਵੇਂਈ, ਨਾਨਕ ਪਹੁੰਚੇ ਸਨ ਸੱਚੇ ਦਰਬਾਰ ਅੰਦਰ।
ਜਗਤ ਜਲੰਦੇ ਚ ਠੰਢ ਵਰਤਾਉਣ ਖਾਤਰ, ‘ਧੁਰ ਦੀ ਬਾਣੀਲਿਆਏ ਸੰਸਾਰ ਅੰਦਰ।
ਨਾ ਕੋ ਹਿੰਦੂ ਨਾ ਮੁਸਲਮਾਨ ਏਥੇ, ਰੱਬੀ ਜੋਤ ਏ ਹਰ ਨਰ ਨਾਰ ਅੰਦਰ।
ਅੰਦਰੋਂ ਉੱਠੀ ਜੋ ਹੂਕ ਉਹ ਕੂਕ ਬਣਕੇ, ਗੂੰਜ ਉਠੀ ਫਿਰ ਸਾਰੇ ਸੰਸਾਰ ਅੰਦਰ।

ਕਿਰਤ ਕਰਨੀ ਤੇ ਵੰਡ ਕੇ ਛੱਕ ਲੈਣੀ, ਹੱਥੀਂ ਸੇਵਾ ਨੂੰ ਦਿੱਤੀ ਵਡਿਆਈ ਉਹਨਾਂ।
ਦੁਨੀਆਂ ਭਰ ਦੇ ਦੁਖੀਆਂ ਤੇ ਰੋਗੀਆਂ ਨੂੰ, ਸੱਚੇ ਨਾਮ ਦੀ ਦਿੱਤੀ ਦਵਾਈ ਉਹਨਾਂ।
ਊਚ ਨੀਚ ਦੇ ਵਿਤਕਰੇ ਖਤਮ ਕਰਕੇ, ਸ਼ੁਭ ਅਮਲਾਂ ਤੇ ਗੱਲ ਮੁਕਾਈ ਉਹਨਾਂ।
ਰੱਬੀ ਬਾਣੀ ਦਾ ਨੂਰੀ ਪ੍ਰਕਾਸ਼ ਦੇ ਕੇ, ਜੀਵਨ ਜਾਚ ਸੀ ਸਾਨੂੰ ਸਿਖਾਈ ਉਹਨਾਂ।

ਇੱਕੋ ਪਿਤਾ ਤੇ ਉਸਦੇ ਅਸੀਂ ਪੁੱਤਰ, ਸਾਂਝੇ ਗੁਰੂ ਨੇ ਸਾਂਝਾ ਉਪਦੇਸ਼ ਦਿੱਤਾ।
ਲਾ ਕੇ ਨਾਹਰਾ ਸਰਬੱਤ ਦੇ ਭਲੇ ਵਾਲਾ, ਦੁੱਖੀ ਦੁਨੀਆਂ ਦਾ ਕੱਟ ਕਲੇਸ਼ ਦਿੱਤਾ।
ਜਗਤ ਜਨਨੀ ਨੂੰ ਉਨ੍ਹਾਂ ਨੇ ਧੰਨ ਕਹਿ ਕੇ, ਔਰਤ ਜਾਤ ਨੂੰ ਦਰਜਾ ਵਿਸ਼ੇਸ਼ ਦਿੱਤਾ।
ਸਿੱਖੀ ਕਾਫਲੇ ਦੇ ਪਹਿਲੇ ਬਣੇ ਰਹਿਬਰ, ਦੁਨੀਆਂ ਤਾਂਈਂ ਸੀ ਰੱਬੀ ਸੰਦੇਸ਼ ਦਿੱਤਾ।

ਥਾਂ ਥਾਂ ਸੱਪਾਂ ਦੀਆਂ ਸਿਰੀਆਂ ਸਨ ਰਹੇ ਮਿੱਧਦੇ, ਰੇਤ, ਅੱਕ ਦਾ ਕੀਤਾ ਆਹਾਰ ਬਾਬੇ।
ਸੱਚੇ ਮਾਰਗ ਤੋਂ ਭਟਕੀ ਮਨੁੱਖਤਾ ਦਾ, ਥਾਂ ਥਾਂ ਜਾ ਕੇ ਕੀਤਾ ਸੁਧਾਰ ਬਾਬੇ।
ਸਿੱਧੇ ਰਾਹ ਤੇ ਸਿੱਧ ਸੀ ਲੈ ਆਂਦੇ, ਸਿੱਧਾ ਸਾਧਾ ਜਿਹਾ ਕਰ ਵਿਵਹਾਰ ਬਾਬੇ।
ਚੱਪੂ ਨਾਮ ਦੇ ਲਾ ਕੇ ਥਾਂ ਥਾਂ ਤੇ, ਬੇੜੇ ਡੁੱਬਦੇ ਲਾਏ ਸਨ ਪਾਰ ਬਾਬੇ।

ਛੱਲਣੀ ਛੱਲਣੀ ਹੋਈ ਮਨੁੱਖਤਾ ਦੀ, ਬਦਲਣ ਆਏ ਸਨ ਆਪ ਤਕਦੀਰ ਸਤਿਗੁਰ।
ਮਾਨਵ ਏਕਤਾ, ਪ੍ਰੇਮ ਪਿਆਰ ਵਾਲੀ, ਜਿਉਂਦੀ ਜਾਗਦੀ ਸਨ ਤਸਵੀਰ ਸਤਿਗੁਰ ।
ਸਹਿਜ ਸੁਭਾਇ ਹੀ ਪਤੇ ਦੀ ਗੱਲ ਕਰਦੇ, ‘ਜਾਚਕਰਹਿ ਕੇ ਗਹਿਰ ਗੰਭੀਰ ਸਤਿਗੁਰ।
ਜਗਤ ਜੇਤੂ, ਸੁਧਾਰਕ, ਤੇ ਜਗਤ ਤਾਰਕ, ਜਗਤ ਗੁਰੂ ਤੇ ਜਾਹਰਾ ਸਨ ਪੀਰ ਸਤਿਗੁਰ।   

ਰੱਬ ਦੇ ਨੂਰ ਨਾਨਕ | Kavita Guru Nanak Dev ji | Punjabi Sikh Poetry |

Written by Dr Hari SIngh Jachak (Gold Medalist)



ਸੜਦੀ ਹੋਈ ਲੋਕਾਈ ਨੂੰ ਤੱਕ ਕੇ ਤੇ, ਧੁਰੋਂ ਆਏ ਸਨ ਰੱਬ ਦੇ ਨੂਰ ਨਾਨਕ।
ਮੈਲ ਮਨਾਂ ਦੇ ਸ਼ੀਸ਼ੇ ਤੋਂ ਲਾਹੁਣ ਖਾਤਰ, ਹਾਜ਼ਰ ਹੋਏ ਸਨ ਆਪ ਹਜ਼ੂਰ ਨਾਨਕ।
ਵਹਿਮਾਂ ਭਰਮਾਂ ਪਾਖੰਡਾਂ ਨੂੰ ਤੋੜ ਕੇ ਤੇ, ਆਏ ਕਰਨ ਹੈਸਨ ਚਕਨਾਚੂਰ ਨਾਨਕ।
ਸੂਰਜ ਸੱਚ ਦਾ ਚਮਕਿਆ ਅੰਬਰਾਂ ਤੇ, ਧੁੰਧ ਝੂਠ ਦੀ ਕੀਤੀ ਸੀ ਦੂਰ ਨਾਨਕ।

ਰੂਪ ਰੱਬ ਦਾ ਰਾਇ ਬੁਲਾਰ ਜਾਤਾ, ਭੈਣ ਨਾਨਕੀ ਦਾ ਸੋਹਣਾ ਵੀਰ ਨਾਨਕ।
ਲਾਲੋ ਵਰਗਿਆਂ ਲਾਲਾਂ ਨੂੰ ਗਲ ਲਾ ਕੇ, ਬਦਲ ਦਿੱਤੀ  ਸੀ ਆਣ ਤਕਦੀਰ ਨਾਨਕ।
ਛੂਤ ਛਾਤ ਵਾਲੀ, ਊਚ ਨੀਚ ਵਾਲੀ, ਮੇਟ ਦਿੱਤੀ ਸੀ ਮੁੱਢੋਂ ਲਕੀਰ ਨਾਨਕ।
ਹਿੰਦੂ ਆਖਦੇ ਸਾਡਾ ਏ ਗੁਰੂਇਹ ਤਾਂ, ਮੁਸਲਮਾਨਾਂ ਨੇ ਸਮਝਿਆ ਪੀਰਨਾਨਕ।

ਧੁਰ ਦਰਗਾਹ ਚੋਂ ਦੁਨੀਆਂ ਨੂੰ ਤਾਰਨੇ ਲਈ, ਲੈ ਕੇ ਆਏ ਸਨ ਖਾਸ ਉਦੇਸ਼ ਸਤਿਗੁਰ।
ਜਾਤ ਜਨਮ ਤੇ ਵਰਨਾਂ ਨੂੰ ਛੱਡ ਕੇ ਤੇ, ਭਾਈਚਾਰੇ ਦਾ ਦਿੱਤਾ ਸੰਦੇਸ਼ ਸਤਿਗੁਰ।
ਇੱਕ ਪਿਤਾ ਤੇ ਓਸਦੇ ਅਸੀਂ ਬਾਰਕ, ਦਿੱਤਾ ਜਗਤ ਦੇ ਤਾਂਈਂ ਉਪਦੇਸ਼ ਸਤਿਗੁਰ।
ਲੜ ਲਾਉਣ ਲਈ ਇੱਕ ਪ੍ਰਮਾਤਮਾ ਦੇ, ਪਹੁੰਚੇ ਥਾਂ ਥਾਂ ਦੇਸ਼ ਵਿਦੇਸ਼ ਸਤਿਗੁਰ।

ਜਿੱਥੇ ਜਿੱਥੇ ਵੀ ਬਾਬਾ ਸੀ ਪੈਰ ਧਰਦਾ, ਸਾਏ ਵਾਂਗ ਮਰਦਾਨਾ ਸੀ ਨਾਲ ਹੁੰਦਾ।
ਲਾ ਕੇ ਹਿਕ ਦੇ ਨਾਲ ਰਬਾਬ ਰੱਖਦਾ, ਕੁੱਛੜ ਚੁੱਕਿਆ ਜਿਸ ਤਰ੍ਹਾਂ ਬਾਲ ਹੁੰਦਾ।
ਧੁਰ ਕੀ ਬਾਣੀਜਦ ਬਾਬੇ ਨੂੰ ਆਂਵਦੀ ਸੀ, ਤਾਰਾਂ ਛੇੜ ਮਰਦਾਨਾ ਨਿਹਾਲ ਹੁੰਦਾ।
ਸੁਰਤਿ ਸ਼ਬਦ ਦਾ ਜਦੋਂ ਮਿਲਾਪ ਹੋਵੇ, ਨੂਰੀ ਚਿਹਰੇ ਤੇ ਰੱਬੀ ਜਲਾਲ ਹੁੰਦਾ।

ਕਮਲ ਫੁੱਲ ਦੇ ਵਾਂਗ ਨਿਰਲੇਪ ਸੀ ਜੋ, ਹੈਸੀ ਵਿੱਚ ਗ਼੍ਰਹਿਸਤ ਦੇ ਸੰਤ ਨਾਨਕ।
ਉਹ ਤੇ ਰਹਿਬਰ ਸੀ ਸੱਚ ਦੇ ਪਾਂਧੀਆਂ ਦਾ, ਬਹੁ ਬਿਧਿ ਰੰਗਲਾ ਬੜਾ ਬਿਅੰਤ ਨਾਨਕ।
ਭਲਾ ਸਦਾ ਸਰਬੱਤ ਦਾ ਚਾਹੁਣ ਵਾਲਾ, ਆਇਆ ਜੱਗ ਵਿੱਚ ਪੁਰਖ ਭਗਵੰਤ ਨਾਨਕ।
ਫੁੱਲਾਂ ਵਾਂਗ ਮੁਰਝਾਈ ਮਨੁੱਖਤਾ ਤੇ, ਪਤਝੜ ਬਾਅਦ ਲਿਆਏ ਬਸੰਤ ਨਾਨਕ।

ਕਈਆਂ ਕਿਹਾ ਬੇਤਾਲਾ ਤੇ ਭੂਤਨਾ ਸੀ, ਨਹੀਂ ਕਿਸੇ ਦੀ ਕੀਤੀ ਪ੍ਰਵਾਹ ਬਾਬੇ।
ਤਪਦੇ ਹੋਏ ਕੜਾਹੇ ਵੀ ਸ਼ਾਂਤ ਹੋ ਗਏ, ਕੀਤੀ ਮਿਹਰ ਦੀ ਜਦੋਂ ਨਿਗਾਹ ਬਾਬੇ।
ਸੱਜਣ ਠੱਗ ਤੇ ਭੂਮੀਏ ਚੋਰ ਤਾਰੇ, ਡੁੱਬਦੇ ਬੇੜਿਆਂ ਦਾ ਬਣ ਮਲਾਹ ਬਾਬੇ।
ਜਿਹੜੇ ਜਿਹੜੇ ਵੀ ਰਸਤੇ ਨੂੰ ਭੁੱਲ ਗਏ ਸੀ, ਪਾਇਆ ਸੱਚ ਦੇ ਉਨ੍ਹਾਂ ਨੂੰ ਰਾਹ ਬਾਬੇ।

ਜਿਹੜੇ ਬਹਿਸਾਂ ਚ ਵਾਲ ਦੀ ਖੱਲ ਲਾਹੁੰਦੇ, ਦਿੱਤਾ ਉਨ੍ਹਾਂ ਦਾ ਤੋੜ ਹੰਕਾਰ ਬਾਬੇ।
ਸਿੱਧਾਂ ਜੋਗੀਆਂ ਪੰਡਤਾਂ ਨਾਲ ਬਹਿ ਕੇ, ਹਰ ਇਕ ਪਹਿਲੂ ਤੇ ਕੀਤੀ ਵਿਚਾਰ ਬਾਬੇ।
ਨਾਮ ਬਾਣੀ ਦੇ ਛੱਡ ਕੇ ਬਾਣ ਹਰ ਥਾਂ, ਦਿੱਤਾ ਦੂਈ ਦਵੈਤ ਨੂੰ ਮਾਰ ਬਾਬੇ।
ਲਾ ਕੇ ਚਾਰ ਉਦਾਸੀਆਂ ਦਿਸ਼ਾ ਚਾਰੇ, ਦਿੱਤਾ ਜਗਤ ਜਲੰਦੇ ਨੂੰ ਠਾਰ ਬਾਬੇ।

ਜੀਵਨ ਜਾਚ ਸਮਝਾਉਣ ਲਈ ਅਸਾਂ ਤਾਂਈਂ, ਗਿਆ ਬਾਣੀ ਚ ਥਾਂ ਥਾਂ ਲਿਖ ਬਾਬਾ।
ਜਿਹੜੇ ਜਿਹੜੇ ਵੀ ਕੰਮਾਂ ਤੋਂ ਰੋਕਿਆ ਸੀ, ਕਰਨ ਲੱਗ ਪਏ ਨੇ ਓਹੀ ਸਿੱਖ ਬਾਬਾ।
ਮਨਮੱਤ ਨੇ ਮਾਰੀ ਏ ਮੱਤ ਸਾਡੀ, ਮਿੱਠੀ ਸਮਝ ਕੇ ਪੀ ਰਹੇ ਬਿੱਖ ਬਾਬਾ।
ਅੱਜ ਸਾਡੇ ਹੰਕਾਰ ਤੇ ਚੌਧਰਾਂ ਨੇ, ਕੀਤਾ ਧੁੰਧਲਾ ਸਾਡਾ ਭਵਿੱਖ ਬਾਬਾ।

ਜਿਹੜਾ ਬੀਜ ਗੁਰੂ ਨਾਨਕ ਨੇ ਬੀਜਿਆ ਸੀ, ਵਧਿਆ ਫੁੱਲਿਆ ਵਿੱਚ ਸੰਸਾਰ ਹੈਸੀ।
ਕਿਤੇ ਬੂਟਾ ਨਾ ਸਿੱਖੀ ਦਾ ਸੁਕ ਜਾਵੇ, ਪਾਇਆ ਖ਼ੂਨ ਸ਼ਹੀਦਾਂ ਕਈ ਵਾਰ ਹੈਸੀ।
ਪਤਝੜਾਂ, ਤੂਫ਼ਾਨਾਂ ਤੇ ਸੋਕਿਆਂ ਦਾ, ‘ਜਾਚਕਸ਼੍ਵੁਰੂ ਤੋਂ ਰਿਹਾ ਸ਼ਿਕਾਰ ਹੈਸੀ।
ਕੋਈ ਤਾਕਤ ਨਹੀਂ ਇਹਨੂੰ ਉਖਾੜ ਸਕਦੀ, ਲਾਇਆ ਆਪ ਇਹ ਨਾਨਕ ਨਿਰੰਕਾਰ ਹੈਸੀ।