Search Previous Posts

Monday, April 22, 2019

Punjabi Poem|Poetry|Kavita ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕਵਿਤਾ | Jachak Poetry | ਡਾ. ਹਰੀ ਸਿੰਘ ਜਾਚਕ


ਸੜਦੀ ਹੋਈ ਲੋਕਾਈ ਨੂੰ ਤੱਕ ਕੇ ਤੇ, ਧੁਰੋਂ ਆਏ ਸਨ ਰੱਬ ਦੇ ਨੂਰ ਨਾਨਕ।
ਮੈਲ ਮਨਾਂ ਦੇ ਸ਼ੀਸ਼ੇ ਤੋਂ ਲਾਹੁਣ ਖਾਤਰ, ਹਾਜ਼ਰ ਹੋਏ ਸਨ ਆਪ ਹਜ਼ੂਰ ਨਾਨਕ।
ਵਹਿਮਾਂ ਭਰਮਾਂ ਪਾਖੰਡਾਂ ਨੂੰ ਤੋੜ ਕੇ ਤੇ, ਆਏ ਕਰਨ ਹੈਸਨ ਚਕਨਾਚੂਰ ਨਾਨਕ।
ਸੂਰਜ ਸੱਚ ਦਾ ਚਮਕਿਆ ਅੰਬਰਾਂ *ਤੇ, ਧੁੰਧ ਝੂਠ ਦੀ ਕੀਤੀ ਸੀ ਦੂਰ ਨਾਨਕ।

ਰੂਪ ਰੱਬ ਦਾ ਰਾਇ ਬੁਲਾਰ ਜਾਤਾ, ਭੈਣ ਨਾਨਕੀ ਦਾ ਸੋਹਣਾ ਵੀਰ ਨਾਨਕ।
ਲਾਲੋ ਵਰਗਿਆਂ ਲਾਲਾਂ ਨੂੰ ਗਲ ਲਾ ਕੇ, ਬਦਲ ਦਿੱਤੀ  ਸੀ ਆਣ ਤਕਦੀਰ ਨਾਨਕ।
ਛੂਤ ਛਾਤ ਵਾਲੀ, ਊਚ ਨੀਚ ਵਾਲੀ, ਮੇਟ ਦਿੱਤੀ ਸੀ ਮੁੱਢੋਂ ਲਕੀਰ ਨਾਨਕ।
ਹਿੰਦੂ ਆਖਦੇ ਸਾਡਾ ਏ ‘ਗੁਰੂ’ ਇਹ ਤਾਂ, ਮੁਸਲਮਾਨਾਂ ਨੇ ਸਮਝਿਆ ‘ਪੀਰ’ ਨਾਨਕ।

ਧੁਰ ਦਰਗਾਹ *ਚੋਂ ਦੁਨੀਆਂ ਨੂੰ ਤਾਰਨੇ ਲਈ, ਲੈ ਕੇ ਆਏ ਸਨ ਖਾਸ ਉਦੇਸ਼ ਸਤਿਗੁਰ।
ਜਾਤ ਜਨਮ ਤੇ ਵਰਨਾਂ ਨੂੰ ਛੱਡ ਕੇ ਤੇ, ਭਾਈਚਾਰੇ ਦਾ ਦਿੱਤਾ ਸੰਦੇਸ਼ ਸਤਿਗੁਰ।
ਇੱਕ ਪਿਤਾ ਤੇ ਓਸਦੇ ਅਸੀਂ ਬਾਰਕ, ਦਿੱਤਾ ਜਗਤ ਦੇ ਤਾਂਈਂ ਉਪਦੇਸ਼ ਸਤਿਗੁਰ।
ਲੜ ਲਾਉਣ ਲਈ ਇੱਕ ਪ੍ਰਮਾਤਮਾ ਦੇ, ਪਹੰੁਚੇ ਥਾਂ ਥਾਂ ਦੇਸ਼ ਵਿਦੇਸ਼ ਸਤਿਗੁਰ।

ਜਿੱਥੇ ਜਿੱਥੇ ਵੀ ਬਾਬਾ ਸੀ ਪੈਰ ਧਰਦਾ, ਸਾਏ ਵਾਂਗ ਮਰਦਾਨਾ ਸੀ ਨਾਲ ਹੁੰਦਾ।
ਲਾ ਕੇ ਹਿਕ ਦੇ ਨਾਲ ਰਬਾਬ ਰੱਖਦਾ, ਕੁੱਛੜ ਚੁੱਕਿਆ ਜਿਸ ਤਰ੍ਹਾਂ ਬਾਲ ਹੁੰਦਾ।
‘ਧੁਰ ਦੀ ਬਾਣੀ’ ਜਦ ਬਾਬੇ ਨੂੰ ਆਂਵਦੀ ਸੀ, ਤਾਰਾਂ ਛੇੜ ਮਰਦਾਨਾ ਨਿਹਾਲ ਹੁੰਦਾ।
ਸੁਰਤਿ ਸ਼ਬਦ ਦਾ ਜਦੋਂ ਮਿਲਾਪ ਹੋਵੇ, ਨੂਰੀ ਚਿਹਰੇ *ਤੇ ਰੱਬੀ ਜਲਾਲ ਹੁੰਦਾ।

ਕਮਲ ਫੁੱਲ ਦੇ ਵਾਂਗ ਨਿਰਲੇਪ ਸੀ ਜੋ, ਹੈਸੀ ਵਿੱਚ ਗ੍ਰਹਿਸਤ ਦੇ ਸੰਤ ਨਾਨਕ।
ਉਹ ਤੇ ਰਹਿਬਰ ਸੀ ਸੱਚ ਦੇ ਪਾਂਧੀਆਂ ਦਾ, ਬਹੁ ਬਿਿਧ ਰੰਗਲਾ ਬੜਾ ਬਿਅੰਤ ਨਾਨਕ।
ਭਲਾ ਸਦਾ ਸਰਬੱਤ ਦਾ ਚਾਹੁਣ ਵਾਲਾ, ਆਇਆ ਜੱਗ ਵਿੱਚ ਪੁਰਖ ਭਗਵੰਤ ਨਾਨਕ।
ਫ਼ੁੱਲਾਂ ਵਾਂਗ ਮੁਰਝਾਈ ਮਨੁੱਖਤਾ ਤੇ, ਪਤਝੜ ਬਾਅਦ ਲਿਆਏ ਬਸੰਤ ਨਾਨਕ।

ਕਈਆਂ ਕਿਹਾ ਬੇਤਾਲਾ ਤੇ ਭੂਤਨਾ ਸੀ, ਨਹੀਂ ਕਿਸੇ ਦੀ ਕੀਤੀ ਪ੍ਰਵਾਹ ਬਾਬੇ।
ਤਪਦੇ ਹੋਏ ਕੜਾਹੇ ਵੀ ਸ਼ਾਂਤ ਹੋ ਗਏ, ਕੀਤੀ ਮਿਹਰ ਦੀ ਜਦੋਂ ਨਿਗਾਹ ਬਾਬੇ।
ਸੱਜਣ ਠੱਗ ਤੇ ਭੂਮੀਏ ਚੋਰ ਤਾਰੇ, ਡੁੱਬਦੇ ਬੇੜਿਆਂ ਦਾ ਬਣ ਮਲਾਹ ਬਾਬੇ।
ਜਿਹੜੇ ਜਿਹੜੇ ਵੀ ਰਸਤੇ ਨੂੰ ਭੁੱਲ ਗਏ ਸੀ, ਪਾਇਆ ਸੱਚ ਦੇ ਉਨ੍ਹਾਂ ਨੂੰ ਰਾਹ ਬਾਬੇ।

ਜਿਹੜੇ  ਬਹਿਸਾਂ ‘ਚ ਵਾਲ ਦੀ ਖੱਲ ਲਾਹੁੰਦੇ, ਦਿੱਤਾ ਉਨ੍ਹਾਂ ਦਾ ਤੋੜ ਹੰਕਾਰ ਬਾਬੇ।
ਸਿੱਧਾਂ ਜੋਗੀਆਂ ਪੰਡਤਾਂ ਨਾਲ ਬਹਿ ਕੇ, ਹਰ ਇਕ ਪਹਿਲੂ *ਤੇ ਕੀਤੀ ਵਿਚਾਰ ਬਾਬੇ।
ਨਾਮ ਬਾਣੀ ਦੇ ਛੱਡ ਕੇ ਬਾਣ ਹਰ ਥਾਂ, ਦਿੱਤਾ ਦੂਈ ਦਵੈਤ ਨੂੰ ਮਾਰ ਬਾਬੇ।
ਲਾ ਕੇ ਚਾਰ ਉਦਾਸੀਆਂ ਦਿਸ਼ਾ ਚਾਰੇ, ਦਿੱਤਾ ਜਗਤ ਜਲੰਦੇ ਨੂੰ ਠਾਰ ਬਾਬੇ।

ਜੀਵਨ ਜਾਚ ਸਮਝਾਉਣ ਲਈ ਅਸਾਂ ਤਾਂਈਂ, ਗਿਆ ਬਾਣੀ *ਚ ਥਾਂ ਥਾਂ ਲਿਖ ਬਾਬਾ।
ਜਿਹੜੇ  ਜਿਹੜੇ  ਵੀ  ਕੰਮਾਂ ਤੋਂ ਰੋਕਿਆ ਸੀ, ਕਰਨ ਲੱਗ ਪਏ ਨੇ ਓਹੀ ਸਿੱਖ ਬਾਬਾ।
ਮਨਮੱਤ ਨੇ ਮਾਰੀ ਏ ਮੱਤ ਸਾਡੀ, ਮਿੱਠੀ ਸਮਝ ਕੇ ਪੀ ਰਹੇ ਬਿੱਖ ਬਾਬਾ।
ਅੱਜ ਸਾਡੇ ਹੰਕਾਰ *ਤੇ ਚੌਧਰਾਂ ਨੇ, ਕੀਤਾ ਧੁੰਧਲਾ ਸਾਡਾ ਭਵਿੱਖ ਬਾਬਾ।

ਜਿਹੜਾ ਬੀਜ ਗੁਰੂ ਨਾਨਕ ਨੇ ਬੀਜਿਆ ਸੀ, ਵਧਿਆ ਫੁੱਲਿਆ ਵਿੱਚ ਸੰਸਾਰ ਹੈਸੀ।
ਕਿਤੇ ਬੂਟਾ ਨਾ ਸਿੱਖੀ ਦਾ ਸੁਕ ਜਾਵੇ, ਪਾਇਆ ਖ਼ੂਨ ਸ਼ਹੀਦਾਂ ਕਈ ਵਾਰ ਹੈਸੀ।
ਪਤਝੜਾਂ, ਤੁਫਾਨਾਂ *ਤੇ ਸੋਕਿਆਂ ਦਾ, ‘ਜਾਚਕ’ ਸ਼ੁਰੂ ਤੋਂ ਰਿਹਾ ਸ਼ਿਕਾਰ ਹੈਸੀ।
ਕੋਈ ਤਾਕਤ ਨਹੀਂ ਇਹਨੂੰ ਉਖਾੜ ਸਕਦੀ , ਲਾਇਆ ਆਪ ਇਹ ਨਾਨਕ ਨਿਰੰਕਾਰ ਹੈਸੀ।

ਧਰਤੀ ਦੱਬੀ ਸੀ ਪਾਪ ਦੇ ਭਾਰ ਹੇਠਾਂ, ਸੱਚ ਉਡਿਆ ਲਾ ਕੇ ਖੰਭ ਹੈਸੀ ।
ਹਰ ਥਾਂ ਤੇ ਈਰਖਾ, ਖੁਦਗਰਜੀ, ਵਧਿਆ ਝੂਠ, ਪਖੰਡ ਤੇ ਦੰਭ ਹੈਸੀ ।
ਰਾਜੇ ਸ਼ੀਹ, ਮੁਕੱਦਮ ਸੀ ਬਣੇ ਕੁੱਤੇ, ਧਰਮ ਸਚਮੁੱਚ ਹੀ ਚੁੱਕਾ ਹੰਭ ਹੈਸੀ।
ਗੁਰੂ ਨਾਨਕ ਦੇ ਆਗਮਨ ਨਾਲ ਓਦੋਂ, ਨਵੇਂ ਯੁੱਗ ਦਾ ਹੋਇਆ ਆਰੰਭ ਹੈਸੀ।

ਮੋਨ ਧਾਰ ਕੇ ਕਦੇ ਨਾ ਬੈਠ ਸਕੇ ,ਅੱਖੀਂ ਦੇਖ ਕੇ ਦੁਨੀਆਂ ਦੇ ਦੁੱਖ ਨਾਨਕ ।
ਰੁਲ ਰਹੇ ਸਨ ਪੈਰਾਂ ਦੇ ਵਿੱਚ ਜਿਹੜੇ, ਬਣਾ ਦਿੱਤੇ ਓਹ ਪੂਰਨ ਮਨੁੱਖ ਨਾਨਕ।
ਭਰਮ,ਭੇਖ ਤੇ ਭੈ ਦਾ ਨਾਸ਼ ਕਰ ਕੇ , ਬਦਲ ਦਿੱਤਾ ਸੀ ਸਮੇਂ ਦਾ ਰੁੱਖ ਨਾਨਕ।
ਕੀਤੇ ਦੁਨੀਆਂ ਤੇ ਪਰਉਪਕਾਰ ਹਰ ਥਾਂ, ਘਰ ਦੇ ਛੱਡ ਕੇ ਸਾਰੇ ਹੀ ਸੁੱਖ ਨਾਨਕ।

ਭਾਵੇਂ ਹਿੰਦੂ ਤੇ ਭਾਵੇਂ ਸੀ ਕੋਈ ਮੁਸਲਮ,ਦਿੱਤਾ ਸਭ ਨੂੰ ਰੱਬੀ ਪੈਗਾਮ ਬਾਬੇ।
ਗਾਹੇ ਸਾਗਰ ਤੇ ਚੜੇ ਸੁਮੇਰ ਪਰਬਤ, ਘੜੀ ਪਲ ਨਾ ਕੀਤਾ ਆਰਾਮ ਬਾਬੇ।
ਮਾਨਵ ਜਾਤੀ ਦਾ ਕਰਨ ਸੁਧਾਰ ਖਾਤਰ, ਸੱਚੇ ਨਾਮ ਦਾ ਵੰਡਿਆ ਨਾਮ ਬਾਬੇ।
ਜਿਹੜੇ ਕਰਦੇ ਸਨ ਜ਼ੁਲਮ ਮਨੁੱਖਤਾ ਤੇ, ਪਾਈ ਓਨ੍ਹਾਂ ਦੇ ਤਾਈਂ ਲਗਾਮ ਬਾਬੇ।

ਚੂਸ ਰਹੇ ਜ਼ੋ ਖੂਨ ਮਨੁੱਖਤਾ ਦਾ, ਬਦਲੇ ਰੀਤੀ ਰਿਵਾਜ ਸੀ ਗੁਰੂ ਨਾਨਕ ।
ਸੁਰ ਕੀਤਾ ਰੂਹਾਨੀ ਸੰਗੀਤ ਦੇ ਕੇ,ਸਾਡੇ ਜੀਵਨ ਦਾ ਸਾਜ ਸੀ ਗੁਰੂ ਨਾਨਕ।
ਦੱਬੇ,ਕੁਚਲਿਆਂ ਅਤੇ ਨਿਮਾਣਿਆਂ ਦੀ, ਬਣ ਗਏ ਰੱਬੀ ਆਵਾਜ਼ ਸੀ ਗੁਰੂ ਨਾਨਕ ।
ਜਾਤਾਂ ਪਾਤਾਂ ਤੋਂ ਰਹਿਤ ਮਨੁੱਖਤਾ ਦਾ, ਸਿਰਜਿਆ ਸੁੱਖੀ ਸਮਾਜ ਸੀ ਗੁਰੂ ਨਾਨਕ।

‘ਨੇਰਾ ਕੀਤਾ ਜਿਸ ਦੂਰ ਅਗਿਆਨਤਾ ਦਾ, ਓਹ ਦੀਪਕ ਚਿਰਾਗ ਸਨ ਗੁਰੂ ਨਾਨਕ।
ਜਿਸ ਨੂੰ ਸੁਣ ਕੇ ਤਨ ਮਨ ਸ਼ਾਂਤ ਹੋਇਆ, ਓਹ ਰੂਹਾਨੀ ਕੋਈ ਰਾਗ ਸਨ ਗੁਰੂ ਨਾਨਕ।
ਕੀਤੀ ਗੁਲਸ਼ਨ ‘ਚ ਨਵੀਂ ਬਹਾਰ ਪੈਦਾ,ਸਿੰਜਿਆ ਮਾਨਵ ਦਾ ਬਾਗ ਸਨ ਗੁਰੂ ਨਾਨਕ ।
ਲੋਕ ਕਲਿਆਣ ਦਾ ਹੱਥ ਹਥਿਆਰ ਲੈ ਕੇ, ਜਗਾਏ ਸੁੱਤੇ ਹੋਏ ਭਾਗ ਸਨ ਗੁਰੂ ਨਾਨਕ।

Punjabi Sikh Poem on Sahib Sri Guru Nanak Dev Ji Mahraj written by Famous Best Punjabi | Historical and Social Sikh Poet Dr. Hari Singh Jachak | Published by Jachak Poetry (Official Account of Dr. Hari SIngh Jachak Handed by Kirat World, Ludhiana

Punjabi Kavita Poem written by Dr Hari Singh Jachak on Earth Day | Jachak Poetry |

Saturday, April 6, 2019

ਗੁਰਗੱਦੀ ਦਿਵਸ ਗੁਰੂ ਅਮਰਦਾਸ ਜੀ | Poem on Guru Amardas ji | Punjabi Sikh Poetry | Dr Hari Singh Jachak

ਗੁਰਗੱਦੀ ਦਿਵਸ ਗੁਰੂ ਅਮਰਦਾਸ ਜੀ
ਅੱਜ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਪਾਵਨ ਗੁਰਗੱਦੀ ਦਿਵਸ ਹੈ।ਸਾਰੇ ਮਿੱਤਰ ਪਿਆਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀਓ
ਗੁਰੂ ਜੀ ਦੇ ਜੀਵਨ ਇਤਿਹਾਸ ਨਾਲ ਸਬੰਧਿਤ ਕਵਿਤਾ ਭੇਟ ਹੈ ਉਮੀਦ ਹੈ ਪੜ੍ਹੋਗੇ,ਗੁਰ ਇਤਿਹਾਸ ਤੋਂ ਜਾਣੂ ਹੋਵੋਗੇ ਅਤੇ ਪਸੰਦ ਕਰਕੇ ,ਸ਼ੇਅਰ ਕਰਕੇ ਅਤੇ ਦਾਸ ਨੂੰ ਅਸੀਸਾਂ ਦੇ ਕੇ ਨਿਵਾਜੋਗੇ।
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ


Tuesday, April 2, 2019

Poem|Poetry|Kavita on Bebe Nanki Ji | ਬੇਬੇ ਨਾਨਕੀ ਜੀ | बेबे नानकी जी | Jachak Poetry




#Poem based on life glimpses of #Bebe #Nanki Ji on her birthday today elder sister of #Sri #Guru #Nanak #Dev ji
ਬੇਬੇ ਨਾਨਕੀ ਜੀ ਦੇ ਪਾਵਨ ਜਨਮ ਦਿਨ ਤੇ ਓਹਨਾਂ ਦੇ #ਜੀਵਨ #ਇਤਿਹਾਸ ਅਤੇ #ਗੁਰੂ #ਨਾਨਕ #ਦੇਵਮਹਾਰਾਜ ਜੀ ਦੀਆਂ ਬਖ਼ਸ਼ਿਸ਼ਾਂ ਤੇ ਆਧਾਰਿਤ #ਕਵਿਤਾ#ਗੁਰਮੁੱਖ ਪਿਆਰਿਆਂ, ਮਿੱਤਰ ਪਿਆਰਿਆਂ, ਸਨੇਹੀਆਂ , ਪ੍ਰਸ਼ੰਸਕਾਂ ਅਤੇ ਕਵਿਤਾ ਨੂੰ ਪਿਆਰ ਕਰਨ ਵਾਲੇ #ਪਾਠਕਾਂ ਸਨਮੁਖ ਭੇਟ ਕਰ ਰਿਹਾ ਹਾਂ ।
ਉਮੀਦ ਹੈ ਆਪ ਜੀ ਪੜ੍ਹ ਕੇ ਪਸੰਦ ਕਰੋਗੇ ਅਤੇ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀਓ ।


#बेबे #नानकी जी के पावन #जन्म #दिवस पर उनके #जीवन #इतिहास और #गुरू #नानक#महाराज जी के आशीर्वाद के आधार पर Poem